Tuesday, 20 December 2011

ਬੋਦੇ ਵਾਲ਼ਾ ਭਲਵਾਨ, By Shivcharan Jaggi Kussa


ਬੋਦੇ ਵਾਲ਼ਾ ਭਲਵਾਨਸ਼ਿਵਚਰਨ ਜੱਗੀ ਕੁੱਸਾ
ਸ਼ਿਵਚਰਨ ਜੱਗੀ ਕੁੱਸਾ
ਨਾਂ ਤਾਂ ਉਸ ਦਾ ਸੁਰਜਣ ਸੀ। ਪਰ ਲੋਕ ਉਸ ਨੂੰ 'ਭਲਵਾਨ' ਹੀ ਆਖਦੇ ਸਨ। ਘੁਲ਼ਦਾ-ਘਲ਼ਦਾ ਵੀ ਨਹੀਂ ਸੀ। ਸਾਢੇ ਛੇ ਫ਼ੁੱਟਾ ਕੱਦ, ਪਰ ਸਰੀਰੋਂ ਛਾਂਟਵਾਂ ਸੀ। ਧੜ੍ਹ ਛੋਟੀ, ਅਤੇ ਲੱਤਾਂ ਲੰਮੀਆਂ ਸਨ। ਜਦ ਪੈਰਾਂ ਭਾਰ ਬੈਠਦਾ ਸੀ ਤਾਂ ਉਸ ਦੇ ਗੋਡੇ ਸਿਰ ਦੇ ਉਪਰੋਂ ਦੀ ਲੰਘ ਜਾਂਦੇ ਸਨ। ਮੁੱਛਾਂ ਲੰਮੀਆਂ ਅਤੇ ਮੂੰਹ-ਸਿਰ ਬਿਲਕੁਲ ਘਰੜ! ਮੋਢੇ 'ਤੇ ਡੱਬੀ ਵਾਲਾ ਸਾਅਫ਼ਾ। ਉਸ ਦੇ ਸਿਰ ਦੇ ਐਨ੍ਹ ਵਿਚਕਾਰ ਇਕ ਲੰਮਾਂ ਬੋਦਾ ਰੱਖਿਆ ਹੋਇਆ ਸੀ। ਇਕ ਵਾਰ ਕੋਈ ਰਾਹੀ ਬੋਤੇ 'ਤੇ ਸਵੇਰੇ-ਸਵੇਰੇ, ਮੂੰਹ ਹਨ੍ਹੇਰੇ ਹੀ ਲੋਪੋ ਦੇਂ ਪਰਲੇ ਘਰਾਟਾਂ ਤੋਂ ਆਟਾ ਪਿਹਾਉਣ ਜਾ ਰਿਹਾ ਸੀ, ਅਚਾਨਕ ਬੋਤੇ ਤੋਂ ਪੀਹਣ ਵਾਲੀ ਬੋਰੀ ਡਿੱਗ ਪਈ। ਭਲਵਾਨ ਕਿਤੇ ਖੇਤਾਂ ਵਿਚ 'ਜੰਗਲ-ਪਾਣੀ' ਬੈਠਾ ਸੀ। ਆਮ ਵਾਂਗ ਵੱਡੇ-ਵੱਡੇ ਗੋਡੇ ਸਿਰ ਦੇ ਉਪਰੋਂ ਦੀ ਲੰਘੇ ਹੋਏ ਸਨ। ਉਸ ਰਾਹੀ ਨੂੰ ਭੁਲੇਖਾ ਪਿਆ ਕਿ ਸ਼ਾਇਦ ਤਿੰਨ ਜਾਣੇਂ ਇਕੱਠੇ ਹੋ ਕੇ ਕੱਸੀ ਦਾ ਪਾਣੀ ਲਾ ਰਹੇ ਹਨ ਅਤੇ ਮੂੰਹ ਹਨ੍ਹੇਰੇ ਦੀ ਠੰਢ ਕਾਰਨ ਧੂਣੀਂ ਧੁਖਾਈ ਬੈਠੇ ਹਨ। ਵੈਸੇ ਇਤਨੀ ਠੰਢ ਹੈ ਨਹੀਂ ਸੀ। ਕਪਾਹਾਂ ਅਤੇ ਨਰਮੇਂ ਗੋਡੇ-ਗੋਡੇ ਸਨ। ਉਸ ਰਾਹੀ ਨੇ ਹਾਕ ਮਾਰੀ।
-"ਬਾਈ ਸਿਆਂ, ਮੇਰੀ ਬੋਤੇ ਤੋਂ ਕਣਕ ਆਲ਼ੀ ਬੋਰੀ ਡਿੱਗਪੀ-ਮਾੜਾ ਜਿਆ ਹੱਥ ਪੁਆਉਂਗੇ...?"
-"ਆਉਨੈਂ...!" ਭਲਵਾਨ ਖ਼ੁਰਦਰੀ ਜਿਹੀ ਅਵਾਜ਼ ਵਿਚ ਬੋਲਿਆ ਅਤੇ ਹੱਥ ਧੋ ਕੇ ਬੋਤੇ ਵਾਲੇ ਸੱਜਣ ਕੋਲ ਆ ਗਿਆ।
-"ਕੱਲਾ ਈ ਆ ਗਿਆ ਬਾਈ-ਦੂਜਿਆਂ ਨੂੰ ਵੀ 'ਵਾਜ ਮਾਰ ਲੈਂਦਾ-ਬੋਰੀ ਭਾਰੀ ਐ।" ਇਕੱਲੇ ਭਲਵਾਨ ਨੂੰ ਦੇਖ ਕੇ ਬੋਤੇ ਵਾਲ਼ਾ ਬੋਲਿਆ।
-"ਦੂਜੇ? ਦੂਜੇ ਕਿਹੜੇ...?" ਭਲਵਾਨ ਹੈਰਾਨ ਸੀ।
-"ਜਿਹੜੇ ਤੇਰੇ ਨਾਲ ਬੈਠੇ ਸੀ।"
-"ਮੈਂ ਤਾਂ ਬਾਈ 'ਕੱਲਾ ਈ ਸੀ।"
-"ਤੂੰ 'ਕੱਲਾ ਈ ਸੀ...? ਨਹੀਂ ਯਾਰ, ਹੁਣ ਤਾਂ ਮੈਂ ਤੇਰੇ ਨਾਲ ਦੋ ਜਾਣੇਂ ਹੋਰ ਬੈਠੇ ਦੇਖੇ ਸੀ।"
ਭਲਵਾਨ ਹੱਸ ਪਿਆ।
-"ਬਾਈ ਤੈਨੂੰ ਭੁਲੇਖਾ ਲੱਗਿਐ-ਮੈਂ ਤਾਂ ਬਿਲਕੁਲ ਈ 'ਕੱਲਾ ਸੀ-ਛੇਤੀ ਕਰ-ਬੋਰੀ ਲੱਦ ਮੈਂ ਜਾਣੈਂ।"
-"ਤੂੰ ਗੋਲੀ ਮਾਰ ਬਾਈ ਬੋਰੀ ਨੂੰ-ਮੈਨੂੰ ਇਕ ਵਾਰੀ 'ਤਿੰਨ' ਬਣ ਕੇ ਦਿਖਾਦੇ।"
ਭਲਵਾਨ ਕੋਲੇ ਇਕ ਮੋਟਰ ਸਾਈਕਲ ਰੱਖਿਆ ਹੋਇਆ ਸੀ। ਮੋਟਰ ਸਾਈਕਲ ਵੀ ਕਾਹਦਾ ਸੀ ਬੱਸ ਵਾਟ ਹੀ ਨਬੇੜਨ ਦਾ ਸਾਧਨ ਸੀ। ਨਾ ਉਸ ਦੇ ਕੋਈ ਮੱਡਗਾਰਡ, ਨਾ ਸਪੀਡੋ ਮੀਟਰ, ਨਾ ਕੋਈ ਸ਼ੀਸ਼ਾ ਅਤੇ ਨਾ ਹੀ ਕੋਈ ਬੱਤੀ! ਉਹ ਸਰਕਸ ਵਾਲਿਆਂ ਦਾ ਮੋਟਰ ਸਾਈਕਲ ਹੋਣ ਦਾ ਭੁਲੇਖਾ ਪਾਉਂਦਾ ਸੀ। ਉਸ ਵਿਚ ਇਕ ਸਿਫ਼ਤ ਸੀ ਕਿ ਭੱਜਦਾ ਬਹੁਤ ਸੀ। ਜਦੋਂ ਉਹ ਸਟਾਰਟ ਹੁੰਦਾ ਤਾਂ ਪੰਜਵੇਂ ਘਰ ਪਤਾ ਚੱਲਦਾ ਕਿ ਭਲਵਾਨ ਜੀ ਦਾ ਮੋਟਰ ਸਾਈਕਲ ਕਿਤੇ ਜਾ ਰਿਹਾ ਹੈ। ਇਕ ਵਾਰ ਭਲਵਾਨ ਦਾ ਕਾਲਜੀਏਟ ਭਾਣਜਾ ਛੁੱਟੀਆਂ ਕੱਟਣ ਆ ਗਿਆ। ਕੋਈ ਕੰਮ ਪਿਆ ਤਾਂ ਉਸ ਨੇ ਭਲਵਾਨ ਮਾਮੇਂ ਦਾ ਮੋਟਰ ਸਾਈਕਲ ਮੰਗ ਲਿਆ। ਭਲਵਾਨ ਬੜਾ ਦਿਲਦਾਰ ਬੰਦਾ ਸੀ। ਕਿਸੇ ਨੂੰ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੰਦਾ ਸੀ। ਜਦੋਂ ਉਸ ਦਾ ਭਾਣਜਾ 'ਨ੍ਹੇਰੀ' ਮੋਟਰ ਸਾਈਕਲ ਲੈ ਕੇ ਵਾਪਿਸ ਆਇਆ ਤਾਂ ਉਸ ਨੇ ਆਉਣ ਸਾਰ ਪੁੱਛਿਆ, "ਮਾਮਾਂ! ਇਹ ਜਿਹੜਾ ਤੇਰਾ ਮੋਟਰ ਸਾਈਕਲ ਐ - ਨਾ ਇਹਦੇ ਕੋਈ ਬੱਤੀ-ਨਾ ਸ਼ੀਸ਼ਾ-ਹੋਰ ਤਾਂ ਹੋਰ ਇਹਦੇ ਸਪੀਡੋ ਮੀਟਰ ਤੋਂ ਬਿਨਾਂ ਤੈਨੂੰ ਕਿਵੇਂ ਪਤਾ ਲੱਗਦੈ ਬਈ ਇਹ ਕਿੰਨੇਂ ਕਿਲੋਮੀਟਰ ਦੀ ਸਪੀਡ 'ਤੇ ਜਾ ਰਿਹੈ?" ਭਾਣਜੇ ਨ੍ਹੇਰੀ ਦੇ ਪੁੱਛਣ 'ਤੇ ਭਲਵਾਨ ਹੱਸ ਪਿਆ।
-"ਉਏ ਭਾਣਜੇ! ਅਸੀਂ ਪੁਰਾਣੇਂ ਘੁਲਾਟੀਏ ਐਂ!"
-"ਨ੍ਹਾ ਫੇਰ ਵੀ-ਕਿਵੇਂ ਨਾ ਕਿਵੇਂ ਤਾਂ ਤੈਨੂੰ ਸਪੀਡ ਦਾ ਪਤਾ ਲੱਗਦਾ ਈ ਹੋਣੈਂ?"
-"ਭਾਣਜੇ ਇਹਦੀ ਰਫ਼ਤਾਰ ਪੜ੍ਹਨ ਆਸਤੇ ਮੇਰੇ ਕੋਲੇ ਦੋ ਹਥਿਆਰ ਐ।"
-"ਉਹ ਕਿਹੜੇ...?" ਨ੍ਹੇਰੀ ਹੈਰਾਨ ਸੀ।
-"ਇਕ ਤਾਂ ਹਵਾ ਤੇ ਦੂਜਾ ਮੇਰਾ ਆਹ ਬੋਦਾ।" ਉਸ ਨੇ ਬੋਦਾ ਬਿੱਲੀ ਦੀ ਪੂਛ ਵਾਂਗ ਫੜ ਕੇ ਹਿਲਾਇਆ।
-"ਬੋਦਾ....?" ਨ੍ਹੇਰੀ ਦੰਗ ਸੀ।
-"ਹਾ ਬੋਦਾ...! ਨਹੀਂ ਸਮਝਿਆ...?"
-"ਗੱਲ ਦਿਮਾਗ 'ਚ ਆਈ ਨ੍ਹੀ ਮਾਮਾਂ।"
-"ਲੈ ਸੁਣ, ਤੇ ਕਰ ਡਮਾਕ ਲੋਟ! ਮੋਟਰ ਛੈਂਕਲ ਚਲਾਉਂਦੇ ਨੂੰ ਮੈਨੂੰ ਹਵਾ ਦੱਸਦੀ ਐ ਬਈ ਇਹ ਕਿੰਨੀ ਸਪੀਡ 'ਤੇ ਜਾ ਰਿਹੈ-ਤੇ ਭਾਣਜੇ, ਜਦੋਂ ਮੇਰਾ ਬੋਦਾ ਹਵਾ ਨਾਲ ਪਿੱਛੇ ਗਿੱਦੜ ਦੀ ਪੂਛ ਮਾਂਗੂੰ ਖੜ੍ਹਾ ਹੋਜੇ-ਫੇਰ ਸਮਝਲਾ ਬਈ ਆਪਣਾ ਮੋਟਰ ਛੈਂਕਲ ਫੁੱਲ ਸਪੀਟ 'ਤੇ ਐ...।" ਭਲਵਾਨ ਦੀ ਗੱਲ 'ਤੇ ਨ੍ਹੇਰੀ ਦੀਆਂ ਹੱਸਦੇ ਦੀਆਂ ਵੱਖੀਆਂ ਟੁੱਟ ਗਈਆਂ। ਮਾਮਾ ਆਪਣੇ ਬੋਦੇ ਨੂੰ ਹੀ 'ਕੰਪਾਸ' ਬਣਾਈ ਫਿਰਦਾ ਸੀ। ਖ਼ੈਰ ਲੋੜ ਕਾਢ ਦੀ ਮਾਂ ਹੈ। ਜਿਹੜੇ ਬੰਦੇ ਨੂੰ ਢੰਗ ਅਤੇ ਤਰਤੀਬ ਆ ਗਈ, ਕਦੇ ਮਾਰ ਨਹੀਂ ਖਾਂਦਾ। ਜਨੂੰਨ ਅਤੇ ਦੁਸ਼ਮਣੀ ਬੰਦੇ ਨੂੰ ਕਮਲਾ ਕਰ ਦਿੰਦੇ ਹਨ!
ਜਦੋਂ ਭਲਵਾਨ ਅਜੇ ਬੱਚਾ ਹੀ ਸੀ, ਉਹਨਾਂ ਦੇ ਇਕ ਚੱਪੇ ਸਿੰਗਾਂ ਵਾਲੀ ਬੱਲ੍ਹੀ ਮੱਝ ਰੱਖੀ ਹੁੰਦੀ ਸੀ। ਜਿਸ ਦੇ ਮਗਰ ਇਕ ਰਿੱਗਲ਼ ਜਿਹਾ ਡੱਬਖੜੱਬਾ ਕੱਟਾ ਸੀ। ਉਹ ਕੱਟਾ ਇਤਨਾ ਨਿਰਬਲ ਸੀ ਕਿ ਜੈਤੋ ਵਾਲੀ ਬੱਸ ਵਾਂਗੂੰ ਵਿੰਗਾ ਜਿਹਾ ਤੁਰਦਾ ਅਤੇ ਜਦ ਉਸ ਨੇ ਮਕਾਨ ਦੀ ਦੇਹਲੀ ਟੱਪਣੀਂ ਹੁੰਦੀ ਤਾਂ 'ਦਾਅੜ' ਦੇਣੇ ਡਿੱਗ ਪੈਂਦਾ ਅਤੇ ਕਾਫ਼ੀ ਚਿਰ ਉਵੇਂ ਹੀ ਬੇਸੁਰਤ ਜਿਹਾ ਪਿਆ ਰਹਿੰਦਾ, ਤਾਂ ਭਲਵਾਨ ਆਖਦਾ, "ਬੇਬੇ ਆਪਣਾ ਕੱਟਾ ਤਾਂ ਮਰ ਗਿਆ...!" ਬੇਬੇ ਬੱਕੜਵਾਹ ਕਰਦੀ, "ਵੇ ਮਰ ਜਾਣਿਆਂ ਕੋਈ ਚੰਗਾ ਬਚਨ ਕਰ ਲਿਆ ਕਰ-ਉਹ ਤੇਰਾ ਪਤੰਦਰ ਮਰਿਆ ਨ੍ਹੀ-ਮਾੜਾ ਕਰਕੇ ਡਿੱਗ ਪਿਐ-ਆਪੇ ਉਠ ਖੜੂਗਾ।" ਤਾਂ ਭਲਵਾਨ ਚੁੱਪ ਕਰ ਜਾਂਦਾ। ਬੇਬੇ ਤਾਂ ਖਿਝਦੀ ਸੀ ਕਿ ਕੱਟੇ ਬਿਨਾ ਮੱਝ ਦਾ ਮਿਲਣਾ ਮੁਸ਼ਕਿਲ ਸੀ।
ਕੁਦਰਤ ਰੱਬ ਦੀ, ਇਕ ਦਿਨ ਬੇਬੇ ਮੱਸਿਆ ਨਹਾਉਣ ਤਖਤੂਪੁਰੇ ਗਈ ਹੋਈ ਸੀ ਕਿ ਕੱਟਾ ਸੱਚਮੁੱਚ ਹੀ ਮਰ ਗਿਆ। ਕੁੜੀਆਂ ਨੇ ਸੋਚਿਆ ਕਿ ਬੇਬੇ ਮੱਸਿਆ ਦਾ ਇਸ਼ਨਾਨ ਕਰਨ ਗਈ ਹੋਈ ਹੈ, ਜਦ ਇਸ਼ਨਾਨ ਕਰ ਕੇ ਮੁੜੀ, ਉਸ ਨੂੰ ਕੱਟੇ ਦੇ ਮਰਨ ਬਾਰੇ ਪਤਾ ਲੱਗਿਆ ਤਾਂ ਉਸ ਦਾ ਮਨ ਦੁਖੀ ਹੋਊ। ਕਿਉਂਕਿ ਕੱਟੇ ਬਿਨਾ ਮੱਝ ਨੇ ਧਾਰ ਨਹੀਂ ਕੱਢਣ ਦੇਣੀਂ ਸੀ। ਵਿਚਾਰੀਆਂ ਸਿਆਣੀਆਂ ਕੁੜੀਆਂ ਨੇ ਲੰਮੀ ਸੋਚੀ ਅਤੇ ਭਾਗ ਰਵਿਦਾਸੀਏ ਨੂੰ ਮਰਿਆ ਹੋਇਆ ਕੱਟਾ ਚੁਕਵਾ ਦਿੱਤਾ। ਉਹ ਕੱਟੇ ਨੂੰ ਸਾਈਕਲ 'ਤੇ ਲੱਦ ਕੇ ਹੱਡਾਂਰੋੜੀ ਸੁੱਟਣ ਲਈ ਲੈ ਗਿਆ। ਜਦ ਬੇਬੇ ਤਖਤੂਪੁਰੇ ਤੋਂ ਮੱਸਿਆ ਨਹਾ ਕੇ ਵਾਪਿਸ ਮੁੜੀ ਤਾਂ ਕੁੜੀਆਂ ਤਾਂ ਕਪਾਹ ਚੁਗਣ ਖੇਤ ਗਈਆਂ ਹੋਈਆਂ ਸਨ। 'ਕੱਲਾ ਭਲਵਾਨ ਹੀ ਘਰੇ ਸੀ। ਬੇਬੇ ਨੇ ਪਾਣੀ-ਧਾਣੀ ਪੀਤਾ। ਉਸ ਨੂੰ ਕੱਟਾ ਵਿਹੜੇ ਵਿਚ ਫਿਰਦਾ ਨਜ਼ਰ ਨਾ ਆਇਆ। ਕੱਟੇ ਦੇ ਕਿਸੇ ਨੇ ਸੰਗਲੀ ਜਾਂ ਰੱਸਾ ਤਾਂ ਕਿਤੇ ਪਾਇਆ ਹੀ ਨਹੀਂ ਸੀ। ਉਹ ਬਿਨਾ ਰੱਸੇ ਤੋਂ ਹੀ ਮਾੜਾ-ਮੋਟਾ ਵਿਹੜੇ ਵਿਚ ਭਲਵਾਨੀ ਗੇੜਾ ਦੇ ਛੱਡਦਾ, ਜਿੱਥੇ ਡਿੱਗ ਪੈਂਦਾ, ਉਥੇ ਹੀ ਪਿਆ ਰਹਿੰਦਾ ਸੀ।
-"ਵੇ ਸੁਰਜਣਾਂ...!"
-"ਹੋ ਬੇਬੇ...?"
-"ਵੇ ਆਪਣਾ ਕੱਟਾ ਨੀ ਦੀਂਹਦਾ ਕਿਤੇ...?"
-"ਬੇਬੇ, ਆਪਣਾ ਕੱਟਾ ਅੱਜ ਛੈਂਕਲ 'ਤੇ ਚੜ੍ਹ ਕੇ ਪਤਾ ਨ੍ਹੀ ਕਿੱਧਰ ਨੂੰ ਚਲਿਆ ਗਿਆ।"
-"......।" ਬੇਬੇ ਚੁੱਪ ਕਰ ਗਈ। ਉਸ ਨੂੰ ਪਤਾ ਲੱਗ ਗਿਆ ਕਿ ਕੱਟਾ 'ਚੜ੍ਹਾਈ' ਕਰ ਗਿਆ ਸੀ।
1977 ਵਿਚ ਉਦੋਂ ਅਕਾਲੀਆਂ ਅਤੇ ਜਨਤਾ ਪਾਰਟੀ ਦਾ ਗੱਠਜੋੜ ਹੋਇਆ ਸੀ। ਵੋਟਾਂ ਦਾ ਸਮਾਂ ਵੀ ਨੇੜੇ ਹੀ ਸੀ। ਅਕਾਲੀਆਂ ਅਤੇ ਜਨਤਾ ਦੇ ਗੱਠਜੋੜ ਨੂੰ ਲੋਕਾਂ ਵੱਲੋਂ ਕਾਫ਼ੀ ਉਸਾਰੂ ਹੁੰਗਾਰਾ ਮਿਲ ਰਿਹਾ ਸੀ। ਬੋਦੇ ਵਾਲਾ ਭਲਵਾਨ ਵੀ ਜਨਤਾ ਪਾਰਟੀ ਦੀ ਹਮਾਇਤ ਵਿਚ ਅੜ ਗਿਆ। ਉਧਰੋਂ ਉਦੋਂ 'ਪ੍ਰੀਵਾਰ-ਨਿਯੋਜਨ' ਲਹਿਰ ਦਾ ਵੀ ਕਾਫ਼ੀ ਬੋਲਬਾਲਾ ਸੀ ਅਤੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਸੀ। ਕਿਉਂਕਿ ਨੌਜਵਾਨਾਂ ਦੇ ਜ਼ਬਰਦਸਤੀ ਫੜ-ਫੜ 'ਆਪ੍ਰੇਸ਼ਨ' ਕੀਤੇ ਜਾ ਰਹੇ ਸਨ। ਇਕ ਸ਼ਾਮ ਭਲਵਾਨ ਵੋਟਾਂ ਵਾਲਿਆਂ ਦੀ ਕਾਰ ਵਿਚ ਘੁੰਮ ਰਿਹਾ ਸੀ। ਸ਼ਾਮ ਨੂੰ ਉਹ ਨਾਲ ਦੇ ਪਿੰਡ ਵਿਚ ਵੋਟਾਂ ਦਾ ਪ੍ਰਚਾਰ ਕਰਨ ਚਲੇ ਗਏ। ਦੋ-ਤਿੰਨ ਜਾਣੇਂ ਉਸ ਨਾਲ ਹੋਰ ਸਨ। ਜਦ ਉਹਨਾਂ ਨੇ ਘੁੱਟ-ਘੁੱਟ ਲਾ ਕੇ ਪਿੰਡ ਵਿਚ ਸੁਭੈਕੀ ਗੇੜਾ ਦਿੱਤਾ ਤਾਂ ਲੋਕਾਂ ਨੇ ਸਮਝਿਆ ਕਿ ਕਿਤੇ 'ਨਸਬੰਦੀ' ਵਾਲੇ ਆ ਗਏ। ਪਿੰਡ ਵਾਲਿਆਂ ਨੇ ਅੰਬੈਸਡਰ ਕਾਰ ਦੇ ਅੱਗੇ ਪੁੱਠੀ ਕਹੀ ਰੱਖ ਕੇ ਕਾਰ ਰੋਕ ਲਈ। ਸਮੇਂ ਦੀ ਭੈੜ੍ਹੀ ਨਜ਼ਾਕਤ ਦੇਖ ਕੇ ਭਲਵਾਨ ਦੇ ਬਾਕੀ ਸਾਥੀ ਤਾਂ ਭੱਜ ਗਏ। ਪਰ ਭਲਵਾਨ ਦਾਰੂ ਦੇ ਨਸ਼ੇ ਵਿਚ ਵੱਡੀ ਸਾਰੀ ਉਂਗਲ ਹਿਲਾ ਕੇ 'ਉਪਦੇਸ਼' ਦੇਣ ਲੱਗ ਪਿਆ। ਅਜੇ ਉਸ ਨੇ "ਜਦੋਂ ਸਾਡੀ ਸਰਕਾਰ...।" ਦਾ ਨਾਂ ਹੀ ਲਿਆ ਸੀ ਕਿ ਲੋਕਾਂ ਨੇ ਸੋਚਿਆ ਆਪ੍ਰੇਸ਼ਨ ਕਰਨ ਵਾਲੇ ਸਾਰੇ ਸਰਕਾਰ ਦਾ ਵਾਸਤਾ ਹੀ ਦਿੰਦੇ ਹਨ ਅਤੇ ਉਹਨਾਂ ਨੇ, "ਉਹੀ ਐ...ਉਹੀ ਐ...!" ਕਰ ਕੇ ਭਲਵਾਨ ਮੂਧਾ ਪਾ ਲਿਆ। ਡਰਾਈਵਰ ਗੱਡੀ ਛੱਡ ਕੇ ਭੱਜ ਗਿਆ। ਗਿੱਦੜ ਕੁੱਟ ਨਾਲ ਬੌਂਦਲਿਆ ਭਲਵਾਨ ਉਹਨਾਂ ਨੇ ਧਰਮਸਾਲਾ ਵਿਚ ਲਿਆ ਸੁੱਟਿਆ। ਪੰਚਾਇਤ ਇਕੱਠੀ ਹੋ ਗਈ। ਬਚਾਉਣ ਵਾਲਾ ਰੱਬ, ਕੁਦਰਤੀਂ ਪਿੰਡ ਦਾ ਸਰਪੰਚ ਭਲਵਾਨ ਦਾ ਜਾਣੂੰ ਨਿਕਲ ਆਇਆ ਅਤੇ ਉਸ ਨੇ ਅਸਲੀਅਤ ਪੁੱਛ ਕੇ ਉਸ ਦੀ ਖ਼ਲਾਸੀ ਕਰਵਾਈ। ਵੋਟਾਂ ਵਾਲੀ ਅਸਲ ਗੱਲ ਜਾਣ ਕੇ ਪਿੰਡ ਵਾਲਿਆਂ ਨੇ ਵੀ, "ਯਾਰ ਬਿਚਾਰਾ ਐਮੇ ਈ ਕੁੱਟ ਧਰਿਆ...!" ਆਖ ਕੇ ਪਛਤਾਵਾ ਕਰਨ ਲੱਗੇ।
-"ਤੂੰ ਵੀ ਗਾਂਧੀ ਬਣਕੇ ਕੁੱਟ ਖਾਈ ਗਿਆ-ਬੋਲਿਆ ਕਿਉਂ ਨ੍ਹੀ?" ਸਰਪੰਚ ਨੇ ਠੁਣਾਂ ਭਲਵਾਨ ਸਿਰ ਭੰਨਿਆਂ।
-"ਬੋਲਦਾ ਕਿਵੇਂ ਸਰਪੈਂਚਾ? ਛਿੱਤਰਾਂ ਦੀ ਤਾਂ ਬਾਛੜ ਹੋਣ ਲੱਗਪੀ ਸੀ-ਗੜਿਆਂ ਮਾਂਗੂੰ ਤਾਂ ਪੈਣ ਲੱਗਪੀਆਂ...।" ਭਲਵਾਨ ਸੁੱਜੇ ਹੱਡਾਂ ਨੂੰ ਸੇਕ ਦੇ ਰਿਹਾ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਭਲਵਾਨ ਕਦੇ ਵੋਟਾਂ ਵਾਲਿਆਂ ਨਾਲ ਨਹੀਂ ਤੁਰਿਆ।

No comments:

Post a Comment